
ਬਰਨਾਲਾ: ਪੰਜਾਬ ਵਿੱਚ ਆਈਲੈਟਸ ਕੋਚਿੰਗ ਸੰਸਥਾਵਾਂ ‘ਤੇ ਨਿਗਰਾਨੀ ਅਤੇ ਸਖ਼ਤੀ ਦੇ ਵਿਚਕਾਰ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜ਼ਿਲ੍ਹਾ ਬਰਨਾਲਾ ਵਿੱਚ ਚੱਲ ਰਹੇ ਇੱਕ ਨਾਮਵਰ ਕੋਚਿੰਗ ਸੈਂਟਰ, ਮੈਸਰਜ਼ ਗਰਗ ਕੋਚਿੰਗ ਸੈਂਟਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਜ਼ਿਲ੍ਹਾ ਮੈਜਿਸਟ੍ਰੇਟ ਟੀ. ਬੇਨਿਥ ਦੇ ਹੁਕਮਾਂ ‘ਤੇ ਲਿਆ ਗਿਆ ਹੈ।
-ਸਰਕਾਰੀ ਨਿਯਮਾਂ ਦੀ ਉਲੰਘਣਾ ਕਾਰਵਾਈ ਦਾ ਕਾਰਨ ਬਣੀ
ਜਾਣਕਾਰੀ ਅਨੁਸਾਰ, ਪ੍ਰਸ਼ਾਸਨ ਵੱਲੋਂ ਇਹ ਕਦਮ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ 2014 ਵਿੱਚ ਇਸ ਵਿੱਚ ਕੀਤੀਆਂ ਗਈਆਂ ਸੋਧਾਂ ਤਹਿਤ ਚੁੱਕਿਆ ਗਿਆ ਹੈ। ਨਿਰਧਾਰਤ ਸਮਾਂ ਮਿਆਦ ਤੋਂ ਬਾਅਦ ਸੈਂਟਰ ਦਾ ਲਾਇਸੈਂਸ ਰੀਨਿਊ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਨਿਯਮਾਂ ਦੀ ਉਲੰਘਣਾ ਦੀ ਸ਼੍ਰੇਣੀ ਵਿੱਚ ਆਇਆ।
-ਐਸਐਸਪੀ ਦੀ ਰਿਪੋਰਟ ਆਧਾਰ ਬਣੀ
ਇਸ ਕਾਰਵਾਈ ਦੀ ਨੀਂਹ ਐਸਐਸਪੀ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਗਈ ਰਿਪੋਰਟ ‘ਤੇ ਰੱਖੀ ਗਈ। ਰਿਪੋਰਟ ਦੇ ਆਧਾਰ ‘ਤੇ, ਦਰਸ਼ਨ ਕੁਮਾਰ ਗਰਗ, ਪੁੱਤਰ ਮੁਕੰਦ ਲਾਲ ਗਰਗ, ਨਿਵਾਸੀ ਪੁਰਾਣਾ ਸਿਨੇਮਾ ਰੋਡ, ਵਾਰਡ ਨੰਬਰ 6, ਬਰਨਾਲਾ ਦੁਆਰਾ ਚਲਾਏ ਜਾ ਰਹੇ ਗਰਗ ਕੋਚਿੰਗ ਸੈਂਟਰ ਦਾ ਲਾਇਸੈਂਸ ਨੰਬਰ 101/MA/DM/BNL, ਨਿਯਮਾਂ ਦੇ ਤਹਿਤ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
-ਪ੍ਰਸ਼ਾਸਨ ਵੱਲੋਂ ਸਖ਼ਤ ਚੇਤਾਵਨੀ
ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਰ ਕੋਚਿੰਗ ਸੈਂਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀਆਂ ਦੀ ਸੁਰੱਖਿਆ, ਗੁਣਵੱਤਾ ਵਾਲੀ ਸਿੱਖਿਆ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਤਰਜੀਹ ਹੈ।