ਈਰਾਨ-ਇਜ਼ਰਾਈਲ ਜੰਗ ਕਾਰਨ ਵਿਸ਼ਵ ਪੱਧਰ ‘ਤੇ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਕਰਕੇ ਭਾਰਤ ਨੂੰ ਤੇਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਨੇ ਭਾਰਤ ਨੂੰ 30 ਦਿਨਾਂ ਲਈ ਰੂਸ ਤੋਂ ਤੇਲ ਖਰੀਦਣ ਦੀ ਵਿਸ਼ੇਸ਼ ਛੋਟ ਦਿੱਤੀ ਹੈ। ਇਹ ਕਦਮ ਵਿਸ਼ਵ ਬਾਜ਼ਾਰ ਵਿੱਚ ਸਥਿਰਤਾ ਲਿਆਉਣ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ, ਕਿਉਂਕਿ ਈਰਾਨ ਤੋਂ ਹੋਣ ਵਾਲੀ ਸਪਲਾਈ ਠੱਪ ਹੋ ਗਈ ਹੈ।
ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਪੂਰੀ ਦੁਨੀਆ ‘ਤੇ ਸਿੱਧੇ ਤੌਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਤੇਲ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਅਗਲੇ 30 ਦਿਨਾਂ ਤੱਕ, ਯਾਨੀ ਜਦੋਂ ਤੱਕ ਹਾਲਾਤ ਆਮ ਨਹੀਂ ਹੋ ਜਾਂਦੇ, ਭਾਰਤ ਈਰਾਨ ਦੀ ਬਜਾਏ ਰੂਸ ਤੋਂ ਤੇਲ ਦੀ ਖਰੀਦਦਾਰੀ ਕਰੇਗਾ। ਇਸ ਗੱਲ ਦੀ ਛੋਟ ਅਮਰੀਕਾ ਵੱਲੋਂ ਵੀ ਦਿੱਤੀ ਗਈ ਹੈ।
ਆਮ ਤੌਰ ‘ਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ, ਕਿਉਂਕਿ ਰੂਸ-ਯੂਕਰੇਨ ਜੰਗ ਤੋਂ ਬਾਅਦ ਰੂਸ ਦੇ ਤੇਲ ਵਪਾਰ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਈਰਾਨ ਨਾਲ ਜੁੜੀ ਜੰਗ ਕਾਰਨ ਦੁਨੀਆ ਦੇ ਤੇਲ ਬਾਜ਼ਾਰ ਵਿੱਚ ਵੱਡਾ ਸੰਕਟ ਪੈਦਾ ਹੋਣ ਦਾ ਖ਼ਤਰਾ ਹੈ। ਇਸ ਲਈ ਅਮਰੀਕਾ ਨੇ ਭਾਰਤ ਨੂੰ ਥੋੜ੍ਹੀ ਰਾਹਤ ਦਿੱਤੀ ਹੈ।
ਜੰਗ ਕਾਰਨ ਬਾਜ਼ਾਰ ਦੀ ਹਾਲਤ ਖਰਾਬ
ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ 28 ਫਰਵਰੀ ਨੂੰ ਜੰਗ ਦੀ ਸ਼ੁਰੂਆਤ ਹੋਈ ਸੀ। ਹੌਲੀ-ਹੌਲੀ ਇਹ ਜੰਗ ਵਧਦੀ ਹੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਈਰਾਨ ਨੇ ਦੁਨੀਆ ਭਰ ਨੂੰ ਹੋਣ ਵਾਲੀ ਤੇਲ ਦੀ ਸਪਲਾਈ ਨੂੰ ਫਿਲਹਾਲ ਲਈ ਰੋਕ ਦਿੱਤਾ ਹੈ। ਇਸ ਵਿੱਚ ਭਾਰਤ ਵੀ ਸ਼ਾਮਲ ਹੈ। ਭਾਰਤ ਕੋਲ ਭਾਵੇਂ ਕੁਝ ਹਫ਼ਤਿਆਂ ਦਾ ਤੇਲ ਅਜੇ ਵੀ ਬਚਿਆ ਹੋਇਆ ਹੈ, ਪਰ ਹਾਲਾਤ ਨੂੰ ਦੇਖਦੇ ਹੋਏ ਅਮਰੀਕੀ ਟ੍ਰੇਜ਼ਰੀ ਵਿਭਾਗ (U.S. Treasury Department) ਵੱਲੋਂ ਵਿਸ਼ੇਸ਼ ਲਾਇਸੈਂਸ ਰਾਹੀਂ ਛੋਟ ਦਿੱਤੀ ਗਈ ਹੈ। ਭਾਰਤ ਅਗਲੇ 30 ਦਿਨਾਂ ਤੱਕ ਰੂਸ ਤੋਂ ਤੇਲ ਦੀ ਖਰੀਦਦਾਰੀ ਕਰ ਸਕਦਾ ਹੈ।
ਭਾਰਤ ਵਿੱਚ ਹੋ ਸਕਦੀ ਸੀ ਤੇਲ ਦੀ ਕਮੀ
ਈਰਾਨ ਨਾਲ ਜੁੜੇ ਫੌਜੀ ਤਣਾਅ ਕਾਰਨ ਤੇਲ ਦੀ ਸਪਲਾਈ ‘ਤੇ ਅਸਰ ਪੈਣ ਦਾ ਖ਼ਦਸ਼ਾ ਵਧ ਗਿਆ ਹੈ। ਖ਼ਾਸ ਤੌਰ ‘ਤੇ ਹੋਰਮੁਜ਼ ਜਲਡਮਰੂਮੱਧ (Strait of Hormuz) ਦੇ ਆਲੇ-ਦੁਆਲੇ ਵਧਦੇ ਖ਼ਤਰੇ ਨੇ ਵਿਸ਼ਵ ਤੇਲ ਬਾਜ਼ਾਰ ਨੂੰ ਅਸਥਿਰ ਕਰ ਦਿੱਤਾ ਹੈ। ਇਹ ਸਮੁੰਦਰੀ ਰਸਤਾ ਦੁਨੀਆ ਦੇ ਤੇਲ ਵਪਾਰ ਦਾ ਇੱਕ ਅਹਿਮ ਕੇਂਦਰ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਗਲੋਬਲ ਸਪਲਾਈ ਚੇਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਭਾਰਤ ਜ਼ਿਆਦਾਤਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਤੇਲ ‘ਤੇ ਹੀ ਨਿਰਭਰ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੁਝ ਦਿਨਾਂ ਲਈ ਵੀ ਸਪਲਾਈ ਰੋਕੀ ਜਾਂਦੀ ਹੈ, ਤਾਂ ਇਸ ਦਾ ਸਿੱਧਾ ਅਸਰ ਦੇਸ਼ ਦੀ ਜਨਤਾ ‘ਤੇ ਪੈ ਸਕਦਾ ਹੈ।
ਰੂਸ ਤੋਂ ਤੇਲ ਦੀ ਖਰੀਦਦਾਰੀ ਹੋਵੇਗੀ ਤੇਜ਼
ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਕਾਰਨ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਵਿੱਚ ਕੁਝ ਕਮੀ ਕੀਤੀ ਸੀ। ਹਾਲਾਂਕਿ ਪੱਛਮੀ ਏਸ਼ੀਆ ਵਿੱਚ ਅਚਾਨਕ ਵਧੇ ਤਣਾਅ ਕਾਰਨ ਊਰਜਾ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਪਹਿਲ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ ਇੱਕ ਵਾਰ ਫਿਰ ਰੂਸ ਤੋਂ ਤੇਲ ਦੀ ਖਰੀਦਦਾਰੀ ਤੇਜ਼ ਹੋਵੇਗੀ।
